ਕਿਸਾਨਾਂ ਦੇ ਹੱਕ 'ਚ ਸਾਬਕਾ ਫੌਜਿਆਂ ਨੇ ਰਾਸ਼ਟਰਪਤੀ ਨੂੰ ਮੋੜੇ ਮੈਡਲ

Sunday, 28 Feb, 8.20 pm

ਬਰਨਾਲਾ : ਦਿੱਲੀ ਦੀ ਸਰਹੱਦਾਂ 'ਤੇ ਕਿਸਾਨਾਂ ਦਾ ਧਰਨਾ ਜਾਰੀ ਹੈ।ਦਿੱਲੀ ਦੀ ਸਰਹੱਦਾਂ 'ਤੇ ਕਿਸਾਨਾਂ ਨੂੰ ਬੈਠੇ ਲੱਗਭਗ 95ਵੇਂ ਦਿਨ ਹੋ ਗਏ ਹਨ ਪਰ ਕਿਸਾਨਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ ਹੈ। ਪਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਡਟੇ ਕਿਸਾਨਾਂ ਨੁੰ ਹਰ ਵਰਗ ਦਾ ਸਾਥ ਮਿਲ ਰਿਹਾ ਹੈ। ਉਥੇ ਹੀ ਪੰਜਾਬ ਦੇ ਫੌਜੀ ਵਿੰਗ ਦੁਆਰਾ ਐਲਾਨ ਕੀਤਾ ਗਿਆ ਸੀ ਕਿ ਜੇਕਰ 26 ਜਨਵਰੀ ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਸਾਬਕਾ ਫੌਜੀ ਆਪਣੇ ਦੇਸ਼ ਸੇਵਾਵਾਂ ਵਿੱਚ ਪ੍ਰਾਪਤ ਕੀਤੇ ਗਏ ਸਾਰੇ ਮੈਡਲ ਦੇਸ਼ ਦੇ ਰਾਸ਼ਟਰਪਤੀ ਨੂੰ ਵਾਪਸ ਕਰ ਦੇਣਗੇ।

ਇਸ ਦੇ ਚਲਦੇ ਅੱਜ ਬਰਨਾਲਾ ਵਿੱਚ ਅਕਾਲੀ ਦਲ ਫੌਜੀ ਵਿੰਗ ਪੰਜਾਬ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਵੱਡੀ ਗਿਣਤੀ ਵਿੱਚ ਸੈਨਿਕਾਂ ਦੁਆਰਾ ਲਿਆਏ ਗਏ ਮੈਡਲਸ ਨੂੰ ਕੋਰੀਅਰ ਲਿਫਾਫੇ ਵਿੱਚ ਬੰਦ ਕਰਕੇ ਰਾਸ਼ਟਰਪਤੀ ਭਵਨ ਨੂੰ ਕੋਰੀਅਰ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ।ਇਸ ਸੰਘਰਸ਼ ਵਿੱਚ ਇਹ ਸਾਬਤ ਕਰਨ ਲਈ ਕਿ ਦੇਸ਼ ਦਾ ਕਿਸਾਨ ਅਤੇ ਦੇਸ਼ ਦਾ ਇੱਕਜੁਟ ਹੈ,ਅੱਜ ਜੇਕਰ ਕਿਸਾਨ ਸੜਕਾਂ ਉੱਤੇ ਹੈ ਤਾਂ ਦੇਸ਼ ਦਾ ਜਵਾਨ ਆਪਣੇ ਮੈਡਲ ਨੂੰ ਵਾਪਸ ਕਰਕੇ ਕੇਂਦਰ ਸਰਕਾਰ ਨੂੰ ਰੋਸ ਜਤਾ ਰਿਹਾ ਹੈ।ਇਸ ਸੰਦਰਭ ਵਿੱਚ ਪੰਜਾਬ ਦੇ 380000 ਪੂਰਵ ਸੈਨਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੀ ਆਪਣੇ ਸਾਰੇ ਮੈਡਲ ਛੇਤੀ ਤੋਂ ਛੇਤੀ ਦੇਸ਼ ਦੇ ਰਾਸ਼ਟਰਪਤੀ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵਾਪਸ ਕਰ ਦੇਣ।